Connect with us

Punjabi

Clean Environment essential to overcome Corona says Sant Seechewal – ਕੋਰੋਨਾ ਵਿਰੁੱਧ ਜੰਗ ਜਿੱਤਣ ਲਈ ਧਰਤੀ ‘ਤੇ ਸਾਫ਼-ਸੁਥਰਾ ਵਾਤਾਵਰਣ ਸਿਰਜਣ ਦੀ ਲੋੜ: ਸੰਤ ਸੀਚੇਵਾਲ, Punjab Punjabi News

Published

on


ਅੱਜ 5 ਜੂਨ ਨੂੰ ‘ਵਿਸ਼ਵ ਵਾਤਾਵਰਣ ਦਿਵਸ’ ਲਈ ਵਿਸ਼ੇਸ਼

 

 

ਆਲਮੀ ਪੱਧਰ ਦਾ ਵਾਤਾਵਰਣ ਦਿਵਸ ਤਾਂ ਹਰ ਸਾਲ ਮਨਾਇਆ ਜਾਂਦਾ ਹੈ ਪਰ ਸਾਲ 2020 ਵਿੱਚ ਮਨਾਇਆ ਜਾਣ ਵਾਲਾ ਵਿਸ਼ਵ ਵਾਤਾਵਰਣ ਦਿਵਸ ਇਸ ਕਰਕੇ ਮਹਤੱਵਪੂਰਨ ਹੈ ਕਿਉਂਕਿ ਸਾਰਾ ਸੰਸਾਰ ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਲਪੇਟ ਵਿੱਚ ਆਇਆ ਹੋਇਆ ਹੈ। ਤਾਕਤਵਰ ਮੁਲਕ ਵੀ ਇਸ ਮਹਾਮਾਰੀ ਅੱਗੇ ਗੋਡੇ ਟੇਕ ਚੁੱਕੇ ਹਨ। ਇਸ ਅਦ੍ਰਿਸ਼ ਵਾਇਰਸ ਅੱਗੇ ਹਰ ਕੋਈ ਬੇਵੱਸ ਨਜ਼ਰ ਆ ਰਿਹਾ ਹੈ।ਮਹਾਮਾਰੀ ਦੇ ਇਸ ਦੌਰ ਵਿੱਚ ਜਦੋਂ ਦੁਨੀਆ ਦੇ ਬਹੁਤ ਦੇਸ਼ਾਂ ਨੇ ਲੌਕਡਾਊਨ ਦੀ ਪਾਲਣਾ ਕੀਤੀ ਤਾਂ ਸਾਰੇ ਸੰਸਾਰ ਦਾ ਵਾਤਾਵਰਣ ਇਸ ਕਦਰ ਸ਼ੁੱਧ ਹੋ ਗਿਆ ਸੀ ਜਿਹੜਾ ਕਿ ਕਲਪਨਾ ਤੋਂ  ਬਾਹਰ ਲਗ ਰਿਹਾ ਸੀ।

 

ਭਾਰਤ ਵਿੱਚ ਜਿਹੜੀਆਂ ਬਹੁਤ ਹੀ ਪ੍ਰਦੂਸ਼ਿਤ ਨਦੀਆਂ ਸਨ ਉਹ ਸਾਫ਼ ਵਗਣ ਲਗ ਪਈਆਂ ਸਨ। ਇੰਨ੍ਹਾਂ ਵਿੱਚ ਗੰਗਾ ਨਦੀ ਵੀ ਸ਼ਾਮਲ ਹੈ ਜਿਸ ਦੀ ਸਫਾਈ ਤੇ ਹਾਜ਼ਾਰਾਂ ਕਰੋੜਾਂ ਰੁਪਏ ਖਰਚੇ ਜਾ ਰਹੇ ਸਨ।ਕੋਰੋਨਾ ਕਾਰਨ ਹੋਏ ਲੌਕਡਾਊਨ ਨੇ ਇਨ੍ਹਾਂ ਨਦੀਆਂ ਨੂੰ ਜਿਊਣ ਜੋਗਾ ਕਰ ਦਿੱਤਾ ਸੀ। ਪੰਜਾਬ ਵਿੱਚੋਂ ਹਿਮਾਲਿਆ ਪਰਬਤ ਦਿਸਣ ਲਗ ਪਏ ਸਨ। ਧੌਲਾਧਾਰ ਦੀਆਂ ਪਹਾੜੀਆਂ 40 ਸਾਲਾਂ ਬਾਅਦ ਫਿਰ ਨਜ਼ਰ ਆਈਆਂ ਸਨ। ਇਹ ਸਾਰਾ ਪ੍ਰਦੂਸ਼ਣ ਮਨੁੱਖ ਨੇ ਆਪ ਹੀ ਸਹੇੜਿਆ ਹੋਇਆ ਸੀ  

 

ਸੰਸਾਰ ਵਿੱਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਆਪਣੇ ਇਸ ਰਹਿਬਰ ਦਾ ਪਿਛਲੇ ਸਾਲ 2019 ਵਿੱਚ  550ਵਾਂ ਪ੍ਰਕਾਸ਼ ਪੁਰਬ ਵੀ  ਬੜੀ ਸ਼ਰਧਾ ਨਾਲ ਮਨਾਇਆ ਸੀ। ਗੁਰੂ ਨਾਨਕ ਦੇਵ ਜੀ ਹੀ ਸਨ ਜਿਨ੍ਹਾਂ ਨੇ ਆਪਣੀ ਬਾਣੀ ਰਾਹੀਂ ਕਾਦਰ ਦੀ ਕੁਦਰਤ ਨਾਲ ਇੱਕਮਿੱਕ ਹੋਣ ਦਾ ਜਿਹੜਾ ਸੁਨੇਹਾ ਦਿੱਤਾ ਹੈ, ਉਸ ਦਾ ਰਹਿੰਦੀ ਦੁਨੀਆ ਤੱਕ ਵੀ ਕੋਈ ਬਦਲ ਪੈਦਾ ਨਹੀਂ ਹੋ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਲੋਕ ਦੀ ਪਹਿਲੀ ਪੰਕਤੀ ਦੇ ਸਿਰਫ਼ ਸੱਤ ਅੱਖਰ ਹੀ ਗਲੋਬਲ ਵਾਰਮਿੰਗ ਦਾ ਪੱਕਾ ਹੱਲ ਕਰਨ ਦੇ ਸਮਰੱਥ  ਹਨ। ਇਸ ਨੂੰ ਦੁਨੀਆ ਅੱਜ ਮੰਨ ਲਵੇ ਜਾਂ ਕੱਲ੍ਹ ਮੰਨ ਲਵੇ। ਧਰਤੀ ਦਾ ਹਿਰਦਾ ਠਾਰਨ ਲਈ ਇੰਨ੍ਹਾਂ ਸੱਤਾਂ ਸ਼ਬਦਾਂ ਦੇ ਵਿੱਚੋਂ ਦੀ ਹੋ ਕੇ ਹੀ ਲੰਘਣਾ ਪਵੇਗਾ। ਇਸ ਸਲੋਕ ਦੀ ਪਹਿਲੀ ਤੁਕ ਦੇ ਸੱਤ ਸ਼ਬਦ ਇਹ ਹਨ;

 

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥                        (ਅੰਗ: 8)

 

ਗੁਰੂ ਸਾਹਿਬ ਜੀ ਦੀ ਬਾਣੀ ਦੇ ਇਨ੍ਹਾਂ ਹੀ ਸੱਤ ਸ਼ਬਦਾਂ ਵਿੱਚ ਸਾਰੀ ਕਾਇਨਾਤ ਦਾ ਵੀ ਸੱਚ ਹੈ ਇਸ ਵਿੱਚ ਹਵਾ ਨੂੰ ਗੁਰੂ ਮੰਨਿਆ ਹੈ, ਪਾਣੀ ਨੂੰ ਪਿਤਾ ਦੇ ਸਮਾਨ ਦੱਸਿਆ ਹੈ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਇੰਨ੍ਹਾਂ ਸ਼ਬਦਾਂ ਵਿੱਚੋਂ ਦੁਨੀਆ ਦੇ ਵਸਦੇ ਕਿਸੇ ਮਨੁੱਖ ਲਈ ਕੋਈ ਵੀ ਸ਼ਬਦ ਓਪਰਾ ਨਹੀਂ ਹੈ। ਜੇ ਏਨੇ ਸੌਖੇ ਸ਼ਬਦਾਂ ਦੇ ਅਰਥ ਵੀ ਅਸੀਂ ਨਹੀਂ ਸਮਝਾਂਗੇ ਤਾਂ ਫਿਰ ਕੁਦਰਤ ਦੇ ਨਾਲ ਨੇੜਤਾ ਕਿਵੇਂ ਬਣੇਗੀ ? ਸਾਨੂੰ ਜਿੱਥੇ ਆਪਣੇ ਆਪ ਨੂੰ ਕੁਦਰਤ ਨਾਲ ਫਿਰ ਤੋਂ ਜੋੜਨਾ ਪਵੇਗਾ ਉੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕੁਦਰਤ ਦਾ ਸਤਿਕਾਰ ਕਰਨ ਅਤੇ ਕੁਦਰਤ ਦੇ ਅਨਕੂਲ ਚਲਣ ਲਈ ਪ੍ਰੇਰਣਾ ਪਵੇਗਾ। ਗੁਰੂ ਨਾਨਕ ਦੇਵ ਜੀ ਹੀ ਸਨ ਜਿਨ੍ਹਾਂ ਨੇ ਬਲੀ ਕੰਧਾਰੀ ਦੇ ਹੰਕਾਰ ਨੂੰ ਚੁਣੌਤੀ ਦਿੰਦਿਆ ਇਹ ਸੁਨੇਹਾ ਦਿੱਤਾ ਸੀ ਕਿ ਪਾਣੀ ਤੇ ਸਭ ਦਾ ਹੱਕ ਹੈ। ਗੁਰੂ ਸਾਹਿਬ ਜੀ ਦਾ ਇਹ ਸੰਦੇਸ਼ ਪਾਣੀਆਂ ਤੇ ਏਕਾਅਧਿਕਾਰ ਦਾ ਕਬਜ਼ਾ ਜਮਾਉਣ ਵਾਲਿਆਂ ਲਈ ਵੀ ਇੱਕ ਸਬਕ ਹੈ ਕਿ ਕੁਦਰਤ ਦੀ ਅਣਮੁੱਲੀ ਦਾਤ ਪਾਣੀ  ਤੇ ਸਾਰਿਆਂ ਦਾ ਹੱਕ ਹੈ ਤੇ ਇਹ ਸਾਰਿਆਂ ਲਈ ਹੈ ਪਰ ਅੱਜ ਕੁਦਰਤ ਦੀ ਇਸ ਅਣਮੁੱਲੀ ਦਾਤ ਨੂੰ ਜਾਣ-ਬੁੱਝ ਕੇ ਪਹਿਲਾਂ ਗੰਧਲ਼ਾ ਕੀਤਾ ਗਿਆ ਤੇ ਫਿਰ ਇਸ ਨੂੰ ਇੱਕ ਵੱਡੇ  ਵਪਾਰ ਵਿੱਚ ਬਦਲ ਦਿੱਤਾ ਗਿਆ ਹੈ। ਪੰਜਾਂ ਪਾਣੀਆਂ ਦੀ ਧਰਤੀ ਪੰਜਾਬ  ਤੇ ਪਾਣੀ ਦਾ ਵਪਾਰ ਹੋਣਾ ਮੰਦਭਾਗੀ ਗੱਲ ਹੈ।

 

ਵਿਸ਼ਵ ਪੱਧਰ ਤੇ  1974 ਤੋਂ ਵਾਤਾਵਰਣ ਦਿਵਸ ਮਨਾਉਂਦਿਆ ਨੂੰ ਚਾਰ ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ। ਇੰਨ੍ਹਾਂ 46 ਸਾਲਾਂ ਦੌਰਾਨ  ਜੋ ਤਰੱਕੀਦਾ ਦੌਰ ਚੱਲਿਆ ਉਸ ਨੇ ਸਭ ਤੋਂ ਵੱਧ ਕੁਦਰਤੀ ਸੋਮਿਆਂ ਦੀ ਤਬਾਹੀ ਮਚਾਈ ਹੈ।ਮਨੁੱਖੀ ਲਾਲਚ ਨੇ ਪਹਾੜਾਂ,ਜੰਗਲਾਂ, ਦਰਿਆਵਾਂ ਤੇ ਹੋਰ ਕੁਦਰਤੀ ਸਾਧਨਾਂ ਦੀ ਅੰਨ੍ਹੇਵਾਹ ਤਬਾਹੀ ਕੀਤੀ ਹੈ ਅਤੇ ਇਹ ਤਬਾਹੀ ਲਗਾਤਾਰ ਜਾਰੀ ਵੀ ਹੈ।ਇਸ ਲਾਲਚ ਨੇ ਹੀ ਮਨੁੱਖ ਅਤੇ ਕੁਦਰਤ ਵਿਚਲੀਆਂ ਦੂਰੀਆਂ ਨੂੰ ਵਧਾਇਆ ਹੈ। ਜਿਵੇਂ-ਜਿਵੇਂ ਇਹ ਪਾੜਾ ਡੂੰਘਾ ਹੁੰਦਾ ਜਾ ਰਿਹਾ ਹੈ  ਉਵੇਂ-ਉਵੇਂ ਹੀ ਮਨੁੱਖ ਕੁਦਰਤ ਦੇ ਵਿਰੁੱਧ ਹੋਰ ਤੇਜ਼ੀ ਨਾਲ ਚਲਦਾ ਜਾ ਰਿਹਾ ਹੈ। ਮਨੁੱਖੀ ਲਾਲਚ ਏਨਾ ਵਧ ਗਿਆ ਕਿ ਉਹ ਜੰਗਲ ਤੇ ਪਹਾੜ ਖਾ ਗਿਆ ਅਤੇ ਦਰਿਆਵਾਂ ਨੂੰ ਬਿਨਾ ਡਕਾਰ ਮਾਰਿਆ ਹੀ ਪੀ ਗਿਆ। ਬਾਬੇ ਨਾਨਕ ਦੇ ਸਰਬੱਤ ਦੇ ਭਲੇ ਦਾ ਸੰਕਲਪ  ਤਾਂ ਇਸ ਧਰਤੀ ਤੇ ਰਹਿਣ ਵਾਲੇ ਸਾਰੇ ਜੀਵਾਂ ਲਈ ਹੈ। ਅਸੀਂ ਨਾ ਤਾਂ ਬਾਬੇ ਨਾਨਕ ਦੀ ਗੱਲ ਮੰਨ ਰਹੇ ਹਾਂ ਤੇ ਨਾ ਹੀ ਬਾਣੀ ਤੇ ਅਮਲ ਕਰ ਰਹੇ ਹਾਂ। ਲਾਲਚਵੱਸ ਮਨੁੱਖ ਆਪਣੀ ਤਬਾਹੀ ਵਾਲੇ ਰਾਹ ਤੁਰਿਆ ਹੋਇਆ ਹੈ। ਚਾਰ ਦਹਾਕਿਆਂ ਵਿੱਚ ਹੀ ਅਸੀਂ ਆਪਣੀ ਧਰਤੀ ਮਾਂ ਨੂੰ  ਇੱਕ ਬਲਦੀ ਭੱਠੀ ਵਿੱਚ ਝੋਕ ਦਿੱਤਾ ਹੈ। ਅੰਮ੍ਰਿਤ ਵਰਗੇ ਵਗਦੇ ਦਰਿਆਵਾਂ ਵਿੱਚ ਜ਼ਹਿਰਾਂ ਘੋਲ ਦਿੱਤੀਆਂ ਹਨ। ਹਵਾ ਨੂੰ ਸਾਹ ਲੈਣ ਜੋਗੀ ਨਹੀਂ ਛੱਡਿਆ। ਇਸ ਵਰਤਾਰੇ ਨੇ  ਸਾਡੀਆਂ ਆਉਣ ਵਾਲੀਆਂ ਨਸਲਾਂ ਲਈ  ਤਬਾਹੀ ਦੀ ਦਸਤਕ ਦਿੱਤੀ ਹੈ। ਜਿੱਥੇ ਕੁਦਰਤੀ ਸਰੋਤ ਤਬਾਹ ਕਰ ਦਿੱਤੇ ਜਾਣ ਉਸ ਨੂੰ ਤਰੱਕੀ ਕਿਵੇਂ ਮੰਨਿਆ ਜਾ ਸਕਦਾ ਹੈ ?

 

ਵੱਡੀ ਚੁਣੌਤੀ ਹਵਾ ਵਿਚਲਾ ਪ੍ਰਦੂਸ਼ਣ ਵੀ ਬਣਦਾ ਜਾ ਰਿਹਾ ਹੈ। ਸਾਹ ਲੈਣਾ ਔਖਾ ਹੋ ਰਿਹਾ ਹੈ। ਇਟਲੀ ਦੀ ਫੇਰੀ ਸਮੇਂ ਉੱਥੇ ਸਾਨੂੰ ਇੱਕ ਪਿੰਡ ਦਾ ਸਰਪੰਚ ਮਿਲਿਆ ਸੀ ਜਿਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਿਹੜੇ ਰੁੱਖ ਅਸੀਂ ਪੰਜਾਬ ਵਿੱਚ ਲਾ ਰਹੇ ਹਾਂ ਉਸ ਦਾ ਲਾਭ ਇਟਲੀ ਵਾਲਿਆਂ ਨੂੰ ਵੀ ਹੋ ਰਿਹਾ ਹੈ। ਇਸ ਤਰ੍ਹਾਂ ਦੀ ਹੀ ਸਮਝ ਪੈਦਾ ਕਰਨ ਦੀ ਲੋੜ ਹੈ ਕਿਉਂਕਿ ਹਵਾ ਸਭ ਦੀ ਸਾਂਝੀ ਹੈ। ਪਾਣੀ ਸਾਰਿਆਂ ਦੇ ਸਾਂਝੇ ਹਨ ਜਿਸ ਧਰਤੀ ਗ੍ਰਹਿ ਤੇ ਰਹਿ ਰਹੇ ਹਾਂ ਇਹ ਸਾਡੀ ਸਾਰਿਆਂ ਦੀ ਮਾਂ ਹੈ। ਇਨ੍ਹਾਂ ਤਿੰਨ੍ਹਾਂ ਗੱਲਾਂ ਨੂੰ ਜਿੰਨੇ ਸੌਖੇ ਢੰਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਇਆ ਹੈ ਏਨੇ ਸੌਖੇ ਢੰਗ ਨਾਲ ਕੋਈ ਵੀ ਸਮਝਾ ਨਹੀਂ ਸਕਦਾ।

 

ਕੁਦਰਤ ਦੇ ਅਨਮੋਲ ਭੰਡਾਰੇ ਤਾਂ ਸਾਰਿਆਂ ਲਈ ਸਾਂਝੇ ਹੁੰਦੇ ਹਨ। ਪਸ਼ੂ,ਪੰਛੀ, ਜਲਚਰ ਜੀਵ ਤੇ ਬਨਸਪਤੀ ਇਹ ਸਾਰਾ ਕੁਝ ਤਾਂ ਧਰਤੀ ਦੇ ਕੁਦਰਤੀ ਸ਼ਿੰਗਾਰ ਹਨ। ਕੁਦਰਤ ਨਾਲੋਂ ਟੁੱਟਣ ਨਾਲ ਹੀ ਭੁਚਾਲ, ਭਿਆਨਕ ਹੜ੍ਹ ਅਤੇ ਸੁਨਾਮੀ ਦੀ ਲਪੇਟ ਚ ਆ ਕੇ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਇਹ ਸਾਰਾ ਕੁਝ ਮਨੁੱਖ ਦੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਹੀ ਨਤੀਜਾ ਹਨ।

 

 ਦੁਨੀਆ ਭਰ ਵਿੱਚ ਵਧ ਰਿਹਾ ਤਾਪਮਾਨ ਜਿਸ ਨੂੰ ਗਲੋਬਲ ਵਾਰਮਿੰਗ ਕਰਕੇ ਜਾਣਿਆ ਜਾਂਦਾ ਹੈ ਅੱਜ ਵਿਸ਼ਵ ਭਰ ਲਈ ਚੁਣੌਤੀ ਬਣ ਚੁੱਕਿਆ ਹੈ। ਸੰਯੁਕਤ ਰਾਸ਼ਟਰ ਸਾਰੇ ਮੁਲਕਾਂ ਨੂੰ ਇੱਕ ਮੰਚ ਤੇ ਇਕੱਠਿਆਂ ਕਰਕੇ ਵਾਰ-ਵਾਰ ਵਾਤਾਵਰਣ ਦੇ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਕਹਿੰਦਾ ਆ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ਤੇ ਇਹ ਅਜਿਹੇ ਸਮਝੌਤੇ ਹੋ ਰਹੇ ਹਨ ਕਿ 2020 ਤੱਕ 20 % ਕਾਰਬਨਡਾਇਕਸਾਈਡ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਨੂੰ ਘਟਾਇਆ ਜਾਵੇ। ਸੰਯੁਕਤ ਰਾਸ਼ਟਰ ਦੇ ਇਸ ਸੱਦੇ ਨੂੰ ਸਾਰੇ ਮੁਲਕਾਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਹੈ। ਇਹ ਸਾਰੇ ਵਿਸ਼ਵ ਵਾਸਤੇ ਇੱਕ ਚੰਗੀ ਸ਼ੁਰੂਆਤ ਮੰਨਿਆ ਜਾ ਸਕਦਾ ਹੈ ਪਰ ਜਿਸ ਤਰ੍ਹਾਂ ਨਾਲ ਅਮਰੀਕਾ ਨੇ ਪੈਰਿਸ ਦੀ ਸੰਧੀ ਨੂੰ ਨਕਾਰਿਆ ਹੈ ਉਹ ਬਹੁਤ ਹੀ ਮੰਦਭਾਗਾ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਤਾਂ 20 % ਤੋਂ ਵੀ ਵੱਧ ਕਾਰਬਨਡਾਈਔਕਸਾਈਡ ਘਟਾ ਕੇ ਦਿਖਾ ਦਿੱਤੀ ਹੈ। ਇਸ ਵਰਤਾਰੇ ਨੂੰ ਸਮਝਣਾ ਪਵੇਗਾ

ਵਾਤਾਵਰਣ ਨੂੰ ਗੰਧਲ਼ਾ ਹੋਣ ਤੋਂ ਬਚਾਉਣ ਲਈ ਦੁਨੀਆ ਭਰ ਵਿੱਚ ਮੁਲਕ ਚਿੰਤਨ ਤਾਂ ਕਰਦੇ ਆ ਰਹੇ ਹਨ ਪਰ ਇਸ ਦੇ ਬਾਵਜੂਦ ਵਾਤਾਵਰਣ ਦਾ ਬੇਹੱਦ ਦਰਜੇ ਤੱਕ ਦੂਸ਼ਿਤ ਹੋਣਾ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ। ਭਾਰਤ ਵਿੱਚ ਵੀ 1974 ਦਾ ਵਾਟਰ ਐਕਟ (The Water Act (1974) ਹੈ ਜਿਹੜਾ ਸਾਡੇ ਪਾਣੀਆਂ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ਼ ਲਈ ਬਣਾਇਆ ਗਿਆ ਸੀ। ਉਸ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ।

 

ਗਲੋਬਲ ਵਾਰਮਿੰਗ ਕਿਸੇ ਇੱਕ ਇਨਸਾਨ ਜਾਂ ਇੱਕ ਮੁਲਕ ਦੀਆਂ ਗਲਤੀਆਂ ਦਾ ਨਤੀਜਾ ਨਹੀਂ ਹੈ ਸਗੋਂ ਇਸ ਲਈ ਸੰਸਾਰ ਦੇ ਸਾਰੇ ਹੀ ਦੇਸ਼ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਤੇ ਖਾਸ ਕਰਕੇ ਵਿਕਸਿਤ ਦੇਸ਼ਾਂ ਨੇ ਸਭ ਤੋਂ ਵੱਧ ਗੰਦ ਪਾਇਆ ਹੋਇਆ ਹੈ ਇਸੇ ਕਰਕੇ ਹੀ ਆਲਮੀ ਤਪਸ਼ ਦੀ ਇਹ ਸਮੱਸਿਆ ਹਰ ਦਿਨ ਗੰਭੀਰ ਹੁੰਦੀ ਜਾ ਰਹੀ ਹੈ।ਇਸ ਸਮੱਸਿਆ ਨੂੰ ਕਿਸੇ ਇੱਕ ਦੇ ਯਤਨਾਂ ਨਾਲ ਨਹੀਂ ਸਗੋਂ ਪੂਰੇ ਵਿਸ਼ਵ ਦੇ ਸਮੂਹਕ ਯਤਨਾਂ ਨਾਲ ਘਟਾਇਆ ਜਾ ਸਕਦਾ ਹੈ। ਹਰ ਮੁਲਕ ਅਤੇ ਹਰ ਮਨੁੱਖ ਆਲਮੀ ਤਪਸ਼ ਨੂੰ ਘਟਾਉਣ ਲਈ  ਆਪਣੀ ਜ਼ਿੰਮੇਵਾਰੀ ਸਮਝੇ ਅਤੇ ਨਿਭਾਵੇ ਤਾਂ ਹੀ ਕੁਦਰਤ ਦਾ ਸਮਤੋਲ ਬਣਿਆ ਰਹਿ ਸਕਦਾ ਹੈ।

 

ਵਾਤਾਵਰਣ ਦੇ ਪ੍ਰਦੂਸ਼ਣ ਨਾਲ ਇਕੱਲਾ ਸਿਹਤ ਤੇ ਕੁਦਰਤੀ  ਸਾਧਨਾਂ ਤੇ ਹੀ ਅਸਰ ਨਹੀਂ ਹੁੰਦਾ ਸਗੋਂ ਇਸ ਦਾ ਅਸਰ ਮਨੁੱਖ ਦੀ ਮਾਨਸਿਕਤਾ ਤੇ ਵੀ ਪੈਂਦਾ ਹੈ। ਭ੍ਰਿਸ਼ਟਾਚਾਰ, ਅਨੈਤਿਕਤਾ, ਮਨੁੱਖ ਦਾ ਆਪਣੇ ਆਪ ਨਾਲੋਂ ਟੁੱਟਣਾ, ਸਮਾਜਿਕ  ਕਦਰਾਂ-ਕੀਮਤਾਂ ਚ ਗਿਰਾਵਟ, ਮਾਨਸਿਕ ਬਿਮਾਰੀਆਂ ਇਸ ਵਧ ਰਹੇ ਪ੍ਰਦੂਸ਼ਣ ਦੀ ਹੀ ਦੇਣ ਹਨ।

 

ਅਕਾਲ ਪੁਰਖ ਵਾਹਿਗੁਰੂ ਕੁਦਰਤ ਵਿੱਚ ਵਸਿਆ ਹੋਇਆ ਹੈ। ਕੁਦਰਤ ਨਾਲ ਇੱਕ ਸੁਰ ਹੋਣ ਨਾਲ ਹੀ ਉਹ ਦਿਸਦਾ ਹੈ ਪਰ ਅਸੀਂ 21ਵੀਂ ਸਦੀ ਦੇ ਪੜ੍ਹੇ-ਲਿਖੇ ਹੋਣ ਦੇ ਵੱਡੇ-ਵੱਡੇ ਦਾਅਵੇ ਕਰਨ ਦੇ ਬਾਵਜੂਦ ਵਿਗਿਆਨਕ ਸੋਚ ਰੱਖਦਿਆਂ ਹੋਇਆਂ ਵੀ ਅਣਮਨੁੱਖੀ ਅਤੇ ਗ਼ੈਰ-ਕੁਦਰਤੀ ਵਰਤਾਰਾ ਕਰਦੇ ਜਾ ਰਹੇ ਹਾਂ।

 

ਜੁਲਾਈ 2000 ਤੋਂ  ਸੰਗਤਾਂ ਨੇ ਪਵਿੱਤਰ ਕਾਲੀ ਵੇਈਂ ਦੀ ਲਗਾਤਾਰ ਹੱਥੀਂ ਕਾਰ ਸੇਵਾ ਕੀਤੀ ਹੈ। ਸਾਰਿਆਂ ਦੇ ਸਾਂਝੇ ਯਤਨਾਂ ਨਾਲ ਸਾਫ਼ ਹੋਈ ਵੇਈਂ ਸਭ ਲਈ ਇੱਕ ਮਿਸਾਲ ਬਣ ਗਈ ਹੈ। ਵੇਈਂ ਦੀ ਕਾਰ ਸੇਵਾ ਨੇ ਗੁਰਬਾਣੀ ਦੇ ਇਸ ਮਹਾਂਵਾਕ ਨੂੰ ਪੂਰੀ ਤਰ੍ਹਾਂ ਨਾਲ ਸਾਰਥਕ ਕਰ ਦਿੱਤਾ ਹੈ ਕਿ;

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ                      (ਅੰਗ: 474)

 

ਪਵਿੱਤਰ ਕਾਲੀ ਵੇਈਂ ਦੁਬਾਰਾ ਸਾਫ਼ ਸੁਥਰੀ ਵਗ ਰਹੀ ਹੈ। ਗੁਰੂ ਨਾਨਕ ਪਾਤਿਸ਼ਾਹ ਦੇ ਘਰ ਤੋਂ ਹੋਈ ਸ਼ੁਰੂਆਤ ਸਾਰੀ ਦੁਨੀਆ ਦੀਆਂ ਨਦੀਆਂ ਅਤੇ ਦਰਿਆਵਾਂ ਨੂੰ ਸਾਫ ਸੁਥਰਾ ਰੱਖਣ ਲਈ ਰਾਹ ਦਸੇਰਾ ਬਣ ਗਈ  ਹੈ। ਸਾਰੀ ਦੁਨੀਆ ਨੇ ਕੋਰੋਨਾ ਕਾਰਨ ਹੋਏ ਲੌਕਡਾਊਨ ਦੌਰਾਨ ਗੰਗਾ ਸਮੇਤ ਹੋਰ ਸਭ ਨਦੀਆਂ ਦਰਿਆਵਾਂ ਨੂੰ ਸਾਫ਼ ਸੁਥਰੇ ਵਗਦੇ ਦੇਖ ਲਿਆ ਹੈ। ਇਸ ਘਟਨਾ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਪਾਣੀ ਦੇ ਕੁਦਰਤੀ ਸਰੋਤਾਂ ਵਿੱਚ ਕੌਣ ਜ਼ਹਿਰਾਂ ਘੋਲ ਰਿਹਾ ਹੈ ਤੇ ਕੌਣ ਆਪਣੀ ਸੰਵਿਧਾਨਕ ਜ਼ਿੰਮੇਵਾਰੀਆਂ ਨਹੀਂ ਨਿਭਾਅ ਰਿਹਾ। ਕੋਰੋਨਾ ਨੇ ਬਹੁਤ ਸਾਰੀਆਂ ਗੱਲਾਂ ਤੋਂ ਪਰਦੇ ਚੁੱਕ ਵੀ ਦਿੱਤੇ ਹਨ ਤੇ ਖ਼ਾਸ ਕਰਕੇ ਵਾਤਾਵਰਣ ਪੱਖ ਤੋਂ ਵਰਤੀ ਜਾ ਰਹੀ ਲਾਪ੍ਰਵਾਹੀ ਦਾ ਸੱਚ ਵੀ ਸਾਹਮਣੇ ਲਿਆਂਦਾ ਹੈ।

 

ਕੋਰੋਨਾ ਵਾਇਰਸ ਨਾਲ ਸੰਸਾਰ ਦੀ ਬਦਲ ਰਹੀ ਜੀਵਨ ਸ਼ੈਲੀ ਨੂੰ ਅਪਣਾਈਏ ਆਓ ਨਦੀਆਂ-ਦਰਿਆਵਾਂ ਵਿੱਚ ਗੰਦਗੀ ਪੈਣ ਤੋਂ ਰੋਕੀਏ। ਵੱਧ ਤੋਂ ਵੱਧ ਰੁੱਖ ਲਾ ਕੇ ਇਸ ਧਰਤੀ ਨੂੰ ਸਾਹ ਲੈਣ ਯੋਗ ਬਣਾਈਏ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਇਸ ਧਰਤੀ ਨੂੰ ਰਹਿਣਯੋਗ ਬਣਾਈਏ। ਕੋਰੋਨਾ ਤੇ ਤਾਂ ਹੀ ਫਤਿਹ ਪਾਈ ਜਾ ਸਕਦੀ ਹੈ ਜਦੋਂ ਇਸ ਧਰਤੀ ਤੇ ਸਾਫ਼ ਵਾਤਾਵਰਣ ਸਿਰਜਿਆ ਜਾ ਸਕੇਗਾ। 

 

—  ਸੰਤ ਬਲਬੀਰ ਸਿੰਘ ਸੀਚੇਵਾਲ

9417319463

[ਪੀਆਈਬੀ (ਪੱਤਰ ਸੂਚਨਾ ਦਫ਼ਤਰ – ਪ੍ਰੈੱਸ ਇਨਫ਼ਾਰਮੇਸ਼ਨ ਬਿਊਰੋ) ਵੱਲੋਂ ਜਾਰੀ]

Original Source